ਵਰਿੰਦਰ ਵਾਲੀਆ
ਜ਼ਲਜ਼ਲਿਆਂ ਦੇ ਜ਼ਬਰਦਸਤ ਝਟਕਿਆਂ ਨੇ ‘ਏਸ਼ੀਆ ਦਾ ਪੁਲ’ ਕਹੇ ਜਾਣ ਵਾਲੇ ਤੁਰਕੀ ਅਤੇ ਖ਼ਾਨਾਜੰਗੀ ਨਾਲ ਬੁਰੀ ਤਰ੍ਹਾਂ ਝੰਬੇ ਸੀਰੀਆ ਦੇ ਘੁੱਗ ਵਸਦੇ ਕਈ ਨਗਰ-ਖੇੜਿਆਂ ਨੂੰ ਮਲਬੇ ਦੇ ਢੇਰ ਬਣਾ ਦਿੱਤਾ ਹੈ। ਉਮਰਾਂ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਕਬਰਿਸਤਾਨ ਬਣ ਗਏ ਜਿੱਥੇ ਇਨ੍ਹਾਂ ਦੇ ਮਾਲਕ ਜਿਊਂਦੇ ਦਫ਼ਨ ਹੋ ਗਏ। ਬਹੁ-ਮੰਜ਼ਿਲੀ ਇਮਾਰਤਾਂ ਝੂਲਦੀਆਂ ਹੋਈਆਂ ਚੰਦ ਮਿੰਟਾਂ ਵਿਚ ਤਾਸ਼ ਦੇ ਪੱਤਿਆਂ ਵਾਂਗ ਹੇਠਾਂ ਡਿੱਗ ਪਈਆਂ।
ਦੂਜੀ ਵਿਸ਼ਵ ਜੰਗ ਦੇ ਛਿੜਨ ਤੋਂ ਹੁਣ ਤਕ ਤੁਰਕੀ ਵਿਚ 25 ਭੂਚਾਲ ਆਏ। ਫ਼ਨਾਹ ਹੋਣ ਤੋਂ ਬਾਅਦ ਤੁਰਕੀ ਦੇ ਲੋਕ ਕੁਕਨੂਸ ਵਾਂਗ ਆਪਣੀ ਭਸਮ ’ਚੋਂ ਮੁੜ ਜ਼ਿੰਦਗੀ ਤਲਾਸ਼ ਲੈਂਦੇ ਹਨ। ਇਸ ਦੀ ਤਾਜ਼ਾ ਮਿਸਾਲ ਜੰਗੀ ਪੱਧਰ ’ਤੇ ਆਰੰਭੇ ਗਏ ਰਾਹਤ ਕਾਰਜਾਂ ’ਚੋਂ ਵੇਖਣ ਨੂੰ ਮਿਲੀ। ਭੂਚਾਲ ਨੇ ਭਾਵੇਂ ਹਜ਼ਾਰਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਫਿਰ ਵੀ ਅਣਥੱਕ ਰਾਹਤ ਕਰਮੀ 100-100 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਈ ਪੀੜਤਾਂ ਨੂੰ ਮਲਬੇ ਦੇ ਢੇਰਾਂ ’ਚੋਂ ਜਿਊਂਦਾ ਕੱਢਣ ਵਿਚ ਕਾਮਯਾਬ ਹੋ ਗਏ। ਕੂਕਾਂ ਤੇ ਕੁਰਲਾਹਟਾਂ ਦਰਮਿਆਨ ਜਦੋਂ ਕੋਈ ਜਿਊਂਦਾ ਮਿਲਦਾ ਤਾਂ ਤਾੜੀਆਂ ਦੀ ਗੜਗੜਾਹਟ ਹਵਾ ਵਿਚ ਤੈਰ ਜਾਂਦੀ।
ਜ਼ਿੰਦਗੀ ਅਤੇ ਮੌਤ ਵਿਚ ਹੁੰਦੀ ਜੰਗ ਵਿਚ ਅਜਿਹੇ ਚਮਤਕਾਰ ‘ਜਿਸ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਏ’ ਦਾ ਸੁਨੇਹਾ ਦਿੰਦੇ। ਜਮਦੂਤ ਦੇ ਪਹਿਰੇ ਦੌਰਾਨ ਦੁਨੀਆ ਭਰ ’ਚੋਂ ਪਹੁੰਚੇ ਦੇਵਦੂਤ ਮਨੁੱਖੀ ਭਾਈਚਾਰੇ ਦੀ ਅਲੌਕਿਕ ਮਿਸਾਲ ਬਣ ਕੇ ਉੱਭਰੇ। ਦੂਜੇ ਦੇਸ਼ਾਂ ’ਚੋਂ ਪੁੱਜੇ ਰਾਹਤ ਕਰਮੀਆਂ ਤੇ ਪੀੜਤਾਂ ਨੂੰ ਭਾਵੇਂ ਇਕ-ਦੂਜੇ ਦੀ ਭਾਸ਼ਾ ਨਹੀਂ ਆਉਂਦੀ ਫਿਰ ਵੀ ਭਾਵਨਾਵਾਂ ਦਾ ਸੰਚਾਰ ਨਿਰਵਿਘਨ ਚੱਲਦਾ ਰਿਹਾ। ਦਰਅਸਲ, ਖ਼ੁਸ਼ੀ ਅਤੇ ਦਰਦ ਦੀ ਭਾਸ਼ਾ ਇਕ ਹੀ ਹੁੰਦੀ ਹੈ। ਭੂਚਾਲ ਗ੍ਰਸਤ ਤੁਰਕੀ ਤੇ ਸੀਰੀਆ ਵਿਚ ਮੌਤ ਦਾ ਹੌਲਨਾਕ ਤਾਂਡਵ ਭਾਵੇਂ ਸ਼ਾਂਤ ਹੋ ਚੁੱਕਾ ਹੈ ਪਰ ਸਿਸਕੀਆਂ ਅਜੇ ਵੀ ਰੁਕ ਨਹੀਂ ਰਹੀਆਂ। ਖ਼ੌਫ਼ ਉਨ੍ਹਾਂ ਦੇ ਚਿਹਰਿਆਂ ’ਤੇ ਜਿਵੇਂ ਆਠਰ ਗਿਆ ਹੈ। ਕੁਦਰਤੀ ਆਫ਼ਤ ਵੇਲੇ ਕੁਝ ਕ੍ਰਿਸ਼ਮੇ ਵਾਪਰੇ ਜਿਨ੍ਹਾਂ ਨੇ ਜ਼ਿੰਦਗੀ ਦੇ ਅਰਥ ਸਮਝਾਏ ਹਨ।
ਸੀਰੀਆ ਦੇ ਉੱਤਰੀ-ਪੱਛਮੀ ਇਲਾਕੇ ’ਚ ਭੂਚਾਲ ਨਾਲ ਡਿੱਗੀ ਬਹੁ-ਮੰਜ਼ਿਲਾ ਇਮਾਰਤ ਦੇ ਮਲਬੇ ’ਚ ਇਕ ਬੱਚੀ ਦਾ ਜਨਮ ਹੋਇਆ ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਖੰਡਰ ਹੋਈ ਇਮਾਰਤ ਦੇ ਸਰੀਏ ਗੈਸ ਕਟਰਾਂ ਨਾਲ ਕੱਟੇ ਗਏ। ਰਾਹਤ ਕਰਮੀ ਕੁਦਰਤ ਦੇ ਅਨੋਖੇ ਕ੍ਰਿਸ਼ਮੇ ਨੂੰ ਵੇਖ ਕੇ ਹੈਰਾਨ ਰਹਿ ਗਏ ਕਿ ਨਵ-ਜਨਮੀ ਨਾੜੂਆ ਜ਼ਰੀਏ ਅਜੇ ਵੀ ਫ਼ੌਤ ਹੋ ਚੁੱਕੀ ਆਪਣੀ ਮਾਂ ਨਾਲ ਜੁੜੀ ਹੋਈ ਸੀ।
ਡਾਕਟਰਾਂ ਨੇ ਉਸ ਦਾ ਨਾੜੂ ਕੱਟ ਕੇ ਉਸ ਨੂੰ ਮਿ੍ਰਤਕ ਮਾਂ ਨਾਲੋਂ ਅਲੱਗ ਕੀਤਾ। ਜਨਮ ਲੈਣ ਵਾਲੀ ਇਸ ਬੱਚੀ ਦਾ ਨਾਂ ਅਯਾ ਰੱਖਿਆ ਗਿਆ। ਅਰਬੀ ਭਾਸ਼ਾ ’ਚ ਅਯਾ ਸ਼ਬਦ ਦਾ ਅਰਥ ਕ੍ਰਿਸ਼ਮਾ ਹੁੰਦਾ ਹੈ। ਅਯਾ ਦੀ ਮਾਂ ਤੋਂ ਇਲਾਵਾ ਉਸ ਦੇ ਪਿਤਾ, ਚਾਰ ਭੈਣ-ਭਰਾ ਅੱਲਾ ਨੂੰ ਪਿਆਰੇ ਹੋ ਚੁੱਕੇ ਹਨ। ਇਸ ਅਨਾਥ ਬੱਚੀ ਨੂੰ ਗੋਦ ਲੈਣ ਲਈ ਲੱਖਾਂ ਲੋਕ ਅੱਗੇ ਆਏ। ਤਬਾਹੀ ਵਿਚ ਅਜਿਹੇ ਕਈ ਮੰਜ਼ਰ ਹੈਰਾਨ-ਪਰੇਸ਼ਾਨ ਕਰਨ ਵਾਲੇ ਹਨ। ਅਜਿਹਾ ਇਕ ਹੋਰ ਕ੍ਰਿਸ਼ਮਾ ਟੁੰਬਣ ਵਾਲਾ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਇਕ ਪਿਤਾ ਨੇ ਆਪਣੀ ਨੰਨ੍ਹੀ ਬੱਚੀ ਨੂੰ ਘੁੱਟ ਕੇ ਗਲਵਕੜੀ ਵਿਚ ਲੈ ਲਿਆ ਸੀ। ਪਿਤਾ ਦੀ ਜੱਫੀ ਬੱਚੀ ਲਈ ਅਜਿਹਾ ਕਵਚ ਬਣੀ ਜਿਸ ਨੇ ਉਸ ਨੂੰ ਭਿਅੰਕਰ ਆਫ਼ਤ ਤੋਂ ਬਚਾ ਲਿਆ, ਭਾਵੇਂ ਉਸ ਦੀ ਆਪਣੀ ਜਾਨ ਚਲੇ ਗਈ।
ਤੁਰਕੀ ਦੀ ਭੂਚਾਲ ਗ੍ਰਸਤ ਇਕ ਹੋਰ ਇਮਾਰਤ ’ਚੋਂ ਤਿੰਨ ਸਾਲਾਂ ਦੀ ਬੱਚੀ ਨੂੰ ਸੁਰੱਖਿਅਤ ਕੱਢ ਲਿਆ ਗਿਆ। ਰਾਹਤ ਕਰਮੀ ਜਦੋਂ ਉਸ ਨੂੰ ਕੱਢ ਕੇ ਬਾਹਰ ਲਿਆਏ ਤਾਂ ਕੁਦਰਤੀ ਆਫ਼ਤ ਤੋਂ ਬੇਖ਼ਬਰ ਇਸ ਬੱਚੀ ਨੇ ਆਪਣੇ ਗੁੱਡੀਆਂ-ਪਟੋਲਿਆਂ ਬਾਰੇ ਪੁੱਛਿਆ ਜੋ ਉਸ ਨੂੰ ‘ਸੇਂਟਾ ਕਲਾਜ਼’ ਨੇ ਦਿੱਤੇ ਸਨ। ਇਹ ਸੁਣ ਕੇ ਰਾਹਤ ਕਰਮੀ ਅਵਾਕ ਰਹਿ ਗਏ। ਇਹ ਵੀ ਵਿਡੰਬਣਾ ਹੈ ਕਿ ਸੇਂਟਾ ਕਲਾਜ਼ ਦੀ ਜਨਮ ਭੋਇੰ ਤੁਰਕੀ ਹੈ ਜਿੱਥੇ ਜ਼ਲਜ਼ਲੇ ਅਕਸਰ ਦਸਤਕ ਦਿੰਦੇ ਆ ਰਹੇ ਹਨ।
ਸੇਂਟਾ ਦਾ ਅਸਲੀ ਨਾਮ ਸੇਂਟ ਨਿਕੋਲਸ ਹੈ ਜਿਸ ਨੂੰ ਆਮ ਲੋਕ ਸੇਂਟ ਨਿੱਕ ਵੀ ਕਹਿੰਦੇ ਹਨ। ਦੰਦ-ਕਥਾਵਾਂ ਅਨੁਸਾਰ ਸੇਂਟਾ ਕਲਾਜ਼ ਦਾ ਜਨਮ ਤੁਰਕੀ ਦੇ ਪਤਾਰਾ ਖੇਤਰ (ਨਜ਼ਦੀਕ ਮਾਇਰਾ) ਵਿਚ 280 ਈਸਵੀ ਵਿਚ ਹੋਇਆ ਸੀ। ਤੁਰਕੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਉਹ ਲੋੜਵੰਦਾਂ, ਖ਼ਾਸ ਤੌਰ ’ਤੇ ਬੱਚਿਆਂ ਨੂੰ ਲੁਕ-ਛਿਪ ਕੇ ਤੋਹਫ਼ੇ ਵੰਡਦਾ ਸੀ। ਮਲਬੇ ਦੇ ਢੇਰ ’ਚੋਂ ਸੁਰੱਖਿਅਤ ਕੱਢੇ ਗਏ ਤਾਰਿਕ ਨੂੰ ਆਪਣੇ ਪਿਤਾ ਵੱਲੋਂ ਸੇਂਟਾ ਕਲਾਜ਼ ਦੇ ਪਰਉਪਕਾਰ ਦੀਆਂ ਸੁਣਾਈਆਂ ਕਥਾ-ਕਹਾਣੀਆਂ ਅਜੇ ਵੀ ਯਾਦ ਹਨ। ਉਸ ਦਾ ਪਿਤਾ ਸੁੱਤੇ ਪਏ ਤਾਰਿਕ ਦੇ ਸਿਰਹਾਣੇ ਖਿਡੌਣੇ ਰੱਖ ਜਾਂਦਾ ਸੀ। ਉਹ ਪਿਤਾ ਨੂੰ ਪੁੱਛਦਾ ਕਿ ਸੇਂਟਾ ਕੋਲ ਇੰਨੇ ਖਿਡੌਣੇ ਕਿੱਥੋਂ ਆਉਂਦੇ ਹਨ। ਪਿਤਾ ਕਹਿੰਦਾ ਕਿ ਸੇਂਟਾ ਨੇ ਉੱਤਰੀ ਧਰੁਵ ਨੇੜੇ ਬਹੁਤ ਵੱਡੀ ਖਿਡੌਣਿਆਂ ਦੀ ਫੈਕਟਰੀ ਲਗਾਈ ਹੈ ਜਿਨ੍ਹਾਂ ਨੂੰ ਬੌਣੇ ਬਣਾਉਂਦੇ ਹਨ।
ਕ੍ਰਿਸਮਸ ਦੇ ਦਿਨ ਲਾਲ ਤੇ ਸਫ਼ੇਦ ਵਸਤਰ ਪਾਈ ਲੰਬੇ ਚਿੱਟੇ ਵਾਲਾਂ/ ਦਾਹੜੀ ਵਾਲਾ ਸੇਂਟਾ ਬੱਚਿਆਂ ਨੂੰ ਕੈਂਡੀਆਂ ਤੇ ਹੋਰ ਤੋਹਫ਼ੇ ਵੰਡਦਾ। ਸੇਂਟਾ ਦੇ ਦੇਸ਼ ਵਿਚ ਹੁਣ ਤਬਾਹੀ ਮਚੀ ਹੋਈ ਹੈ ਤੇ ਮਲਬੇ ਹੇਠ ਪਤਾ ਨਹੀਂ ਕਿੰਨੇ ਕੁ ਬੱਚੇ ਤੇ ਸੇਂਟਾ ਕਲਾਜ਼ ਵੱਲੋਂ ਵੰਡੇ ਖਿਡੌਣੇ ਦਫ਼ਨ ਹੋ ਚੁੱਕੇ ਹਨ। ਕੁਝ ਸਾਲ ਪਹਿਲਾਂ ਪੁਰਾਤੱਤਵ ਵਿਗਿਆਨੀਆਂ ਨੇ ਤੁਰਕੀ ਦੇ ਥੇਹਾਂ ’ਚੋਂ ਸੇਂਟਾ ਕਲਾਜ਼ ਦਾ ਮਕਬਰਾ ਲੱਭਣ ਦਾ ਦਾਅਵਾ ਕੀਤਾ ਹੈ ਜੋ ਚੰਗੀ ਹਾਲਤ ਵਿਚ ਪਾਇਆ ਗਿਆ। ਤਾਰਿਕ ਦਾ ਪਿਤਾ ਉਸ ਨੂੰ ਇਹ ਵੀ ਦੱਸਦਾ ਸੀ ਕਿ ਭੈੜੇ ਬੱਚਿਆਂ ਨੂੰ ਸੇਂਟਾ ਕਲਾਜ਼ ਤੋਹਫ਼ਿਆਂ ਦੀ ਬਜਾਏ ਕੋਲੇ ਜਾਂ ਪੱਥਰ-ਗੀਟੇ ਦਿੰਦਾ ਹੈ।
ਭਾਵੇਂ ਤੁਰਕੀ ਵਿਚ 99 ਫ਼ੀਸਦੀ ਲੋਕ ਇਸਲਾਮ ਨੂੰ ਮੰਨਣ ਵਾਲੇ ਹਨ, ਫਿਰ ਵੀ ਸਰਕਾਰੀ ਤੌਰ ’ਤੇ ਇਹ ਧਰਮ ਨਿਰਲੇਪ ਦੇਸ਼ ਹੈ। ਆਜ਼ਾਦੀ ਤੋਂ ਪਹਿਲਾਂ ਪੰਡਿਤ ਜਵਾਹਰਲਾਲ ਨਹਿਰੂ ਵੀ ਅਜਿਹੇ ਧਰਮਨਿਰਪੱਖ ਦੇਸ਼ ਦਾ ਸੁਪਨਾ ਲਿਆ ਕਰਦੇ ਸਨ। ਉਂਜ ਭਾਰਤ ਅਤੇ ਤੁਰਕੀ ਦੇ ਖੱਟੇ-ਮਿੱਠੇ ਰਿਸ਼ਤੇ ਰਹੇ ਹਨ। ਵਿਸ਼ਵ ਦੇ ਸੀਤ ਯੁੱਧ ਦੇ ਚੱਲਦਿਆਂ ਤੁਰਕੀ ਦਾ ਝੁਕਾਅ ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਵੱਲ ਹੋ ਗਿਆ ਸੀ ਜਦਕਿ ਭਾਰਤ ਰੂਸ ਦੇ ਨੇੜੇ ਜਾ ਰਿਹਾ ਸੀ। ਕਸ਼ਮੀਰ ਮੁੱਦੇ ’ਤੇ ਤੁਰਕੀ ਜਦੋਂ ਆਪਣੇ ਦੀਨੀ ਮੁਲਕ ਪਾਕਿਸਤਾਨ ਦੀ ਬੋਲੀ ਬੋਲਣ ਲੱਗਾ ਤਾਂ ਭਾਰਤ ਨੇ ਇਸ ਦਾ ਵਿਰੋਧ ਜਤਾਇਆ ਸੀ। ਇਹੀ ਕਾਰਨ ਹੈ ਕਿ ਜਦੋਂ ਆਮਿਰ ਖ਼ਾਨ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਵੇਲੇ ਤੁਰਕੀ ਦੇ ਰਾਸ਼ਟਰਪਤੀ ਦੀ ਬੀਵੀ ਨੂੰ ਮਿਲਿਆ ਤਾਂ ਭਾਰਤ ਵਿਚ ਇਸ ਦਾ ਤਿੱਖਾ ਵਿਰੋਧ ਹੋਇਆ ਸੀ।
ਇਸ ਸਭ ਦੇ ਬਾਵਜੂਦ ਭੂਚਾਲ ਨਾਲ ਬੁਰੀ ਤਰ੍ਹਾਂ ਝੰਬੇ ਹੋਏ ਤੁਰਕੀ ਦੀ ਇਮਦਾਦ ਲਈ ਭਾਰਤ ਵੱਲੋਂ ‘ਆਪ੍ਰੇਸ਼ਨ ਦੋਸਤ’ ਵਿੱਢਿਆ ਗਿਆ। ਭਾਰਤ ਤੋਂ ਜਹਾਜ਼ ਭਰ ਕੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਇਸ ਤੋਂ ਇਲਾਵਾ ਆਰਮੀ ਦੇ ਡਾਕਟਰ, ਇੰਜੀਨੀਅਰ ਅਤੇ ਸੇਵਾ ਕਾਰਕੁਨ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ। ‘ਖ਼ਾਲਸਾ ਏਡ’ ਵੱਲੋਂ ਲੋੜਵੰਦਾਂ ਲਈ ਵਾਟਰ ਪਰੂਫ ਤੰਬੂ ਗੱਡੇ ਗਏ ਹਨ ਅਤੇ ਉਨ੍ਹਾਂ ਨੂੰ ਕੰਬਲ ਅਤੇ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਦਸਤਾਰਧਾਰੀ ਹਰਜਿੰਦਰ ਸਿੰਘ ਕੁਕਰੇਜਾ ਅਤੇ ਉਸ ਦੇ ਸਾਥੀ ਮਸੀਹਾ ਬਣ ਕੇ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ। ਕੁਕਰੇਜਾ ਦਾ ਕਹਿਣਾ ਹੈ ਕਿ ਤੁਰਕੀ ਦੇ ਲੋਕ ਭਾਵੇਂ ਉਸ ਦੀ ਭਾਸ਼ਾ ਨਹੀਂ ਜਾਣਦੇ ਪਰ ਫਿਰ ਵੀ ਜਦੋਂ ਉਹ ਉਸ ਨੂੰ ‘ਦੋਸਤ’ ਕਹਿ ਕੇ ਪੁਕਾਰਦੇ ਹਨ ਤਾਂ ਉਸ ਦੀਆਂ ਅੱਖਾਂ ਸਿੱਲੀਆਂ ਹੋ ਜਾਂਦੀਆਂ ਹਨ। ਤੁਰਕੀ ਤੋਂ ਇਲਾਵਾ ਸੀਰੀਆ ਵਿਚ ਵੀ ਹਜ਼ਾਰਾਂ ਲੋਕ ਅੱਲਾ ਨੂੰ ਪਿਆਰੇ ਹੋ ਗਏ ਹਨ।
ਕਹਿੰਦੇ ਹਨ ਕਿ ਰੂਸ ਨੇ ਲੰਬੀ ਜੰਗ ਵਿਚ ਯੂਕਰੇਨ ਦਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਜ਼ਲਜ਼ਲੇ ਦੇ ਝਟਕਿਆਂ ਨੇ ਤੁਕਕੀ ਅਤੇ ਸੀਰੀਆ ਦਾ ਕੀਤਾ ਹੈ। ਸੀਰੀਆ ਨੂੰ ਉਂਜ ਵੀ ਦੂਹਰੀ ਮਾਰ ਪੈ ਰਹੀ ਹੈ। ਸੈਨਿਕਾਂ ਤੇ ਬਾਗ਼ੀਆਂ ਦਰਮਿਆਨ ਚੱਲ ਰਹੀ ਜੰਗ ਨੇ ਪਹਿਲਾਂ ਹੀ ਸੀਰੀਆ ਦੀ ਚੱਪਾ-ਚੱਪਾ ਧਰਤੀ ਨੂੰ ਲਾਲ ਕੀਤਾ ਹੋਇਆ ਹੈ। ਖ਼ੁਦ ਨੂੰ ਖ਼ੁਦਾ ਸਮਝਣ ਵਾਲਿਆਂ ਨੂੰ ਵੀ ਕੁਦਰਤ ਨੇ ਨਹੀਂ ਬਖਸ਼ਿਆ। ਉਨ੍ਹਾਂ ਦੀਆਂ ਦਨਦਨਾਉਂਦੀਆਂ ਮਸ਼ੀਨਗੰਨਾਂ ਹੁਣ ਸ਼ਾਂਤ ਹੋ ਚੁੱਕੀਆਂ ਹਨ। ਧਰਤੀ ਮਾਂ ਦੀ ਇਕ ਅੰਗੜਾਈ ਨਾਲ ਉਹ ਜਿਊਂਦੇ ਦਫ਼ਨ ਹੋ ਗਏ ਹਨ।
ਬਾਰੂਦ ਦੀ ਭਾਸ਼ਾ ਬੋਲਣ ਵਾਲੇ ਸ਼ਾਇਦ ਸਮਝ ਗਏ ਹੋਣ ਕਿ ਮਾਰ-ਧਾੜ ਵਿਚ ਕੁਝ ਨਹੀਂ ਰੱਖਿਆ। ਕੁਦਰਤ ਦੇ ਕਹਿਰ ਅੱਗੇ ਮਨੁੱਖ ਤਿਣਕਾ ਮਾਤਰ ਵੀ ਨਹੀਂ ਹੈ। ਕੌਮਾਂਤਰੀ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਇਮਦਾਦ ਉਨ੍ਹਾਂ ਨੂੰ ਇਨਸਾਨੀਅਤ ਦਾ ਪਾਠ ਅਵੱਸ਼ ਪੜ੍ਹਾ ਰਹੀ ਹੋਵੇਗੀ। ਮਨੁੱਖ ਹੋਣ ਦੀ ਇਹੀ ਖ਼ੂਬਸੂਰਤੀ ਹੈ। ਆਖ਼ਰ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ। ਜਾਤ-ਪਾਤ ਜਾਂ ਨਸਲਾਂ ਦੇ ਭੇਦ-ਭਾਵ ਬੇਮਾਅਨਾ ਹਨ। ਆਫ਼ਤ ਦੀ ਘੜੀ ’ਚ ਕੌਮਾਂਤਰੀ ਭਾਈਚਾਰਾ ਸ਼ਾਇਦ ਇਹੀ ਸੰਦੇਸ਼ ਦੇ ਰਿਹਾ ਹੈ।
Leave a Reply