ਸਰਬ ਸਾਂਝੀ ਬੋਲੀ (ਪੰਜਾਬੀ ਜਾਗਰਣ –– 19th February, 2023)

ਵਰਿੰਦਰ ਵਾਲੀਆ

ਕਿਸੇ ਵੀ ਸੱਭਿਆਚਾਰ ਦੀਆਂ ਲੋਕ ਸਿਆਣਪਾਂ ਦੀ ਥਾਹ ਮਾਂ-ਬੋਲੀ ਦੀ ਬਦੌਲਤ ਹੀ ਪਾਈ ਜਾ ਸਕਦੀ ਹੈ। ਦਰਅਸਲ, ਮਾਂ-ਬੋਲੀ ਦੀਆਂ ਅਮੋਲਕ ਕਣੀਆਂ, ਸ਼ਬਦਾਂ ਦੀਆਂ ਸਿੱਪੀਆਂ ’ਚ ਢਲ ਕੇ ਸੁੱਚੇ ਮਾਣਕ-ਮੋਤੀ ਬਣ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਆਪਣੇ ਪੁਰਖਿਆਂ ਦੀ ਜ਼ੁਬਾਨ ’ਚੋਂ ਵਿਰਸੇ ਦਾ ਮਾਖਿਓਂ ਕਲਕਲ ਝਰਦਾ ਪ੍ਰਤੀਤ ਹੁੰਦਾ ਹੈ। ਮਾਂ-ਬੋਲੀ ਨੂੰ ਲੈ ਕੇ ਦੁਨੀਆ ਵਿਚ ਅਣਗਿਣਤ ਲਹਿਰਾਂ ਚੱਲੀਆਂ ਹਨ। ਲੋਕਾਂ ਦੇ ਦਿਲਾਂ ’ਚੋਂ ਉੱਠਦੀਆਂ ਲਹਿਰਾਂ ਸਮੁੰਦਰ ਦੀਆਂ ਲਹਿਰਾਂ ਨੂੰ ਵੀ ਮਾਤ ਪਾ ਦਿੰਦੀਆਂ ਹਨ।

ਜ਼ਿੰਦਾ ਕੌਮਾਂ ਕਦੇ ਵੀ ਆਪਣੀ ਮਾਂ-ਬੋਲੀ ਦਾ ਭੋਗ ਨਹੀਂ ਪੈਣ ਦਿੰਦੀਆਂ। ਵਿਸ਼ਵ ਭਰ ਵਿਚ ਅਜਿਹੀਆਂ ਕਈ ਬੋਲੀਆਂ/ਭਾਸ਼ਾਵਾਂ ਹਨ ਜੋ ਆਪਣਿਆਂ ਵੱਲੋਂ ਵਿਸਾਰੀਆਂ ਜਾਣ ਕਾਰਨ ਆਪਣੀ ਹੋਂਦ ਗੁਆ ਚੁੱਕੀਆਂ ਹਨ। ਲੋਪ ਹੋ ਚੁੱਕੀਆਂ ਇਨ੍ਹਾਂ ਭਾਸ਼ਾਵਾਂ ’ਤੇ ਹੁਣ ਵੈਣ ਪਾਉਣ ਵਾਲਾ ਵੀ ਕੋਈ ਨਹੀਂ ਬਚਿਆ। ਸੰਯੁਕਤ ਰਾਸ਼ਟਰ ਸੰਘ ਵੱਲੋਂ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਦੇ ਐਲਾਨ ਪਿੱਛੇ ਭਾਵਨਾ ਉਨ੍ਹਾਂ ਦੁਲਾਰਿਆਂ ਨੂੰ ਸ਼ਰਧਾਂਜਲੀ ਦੇਣਾ ਹੈ ਜਿਨ੍ਹਾਂ ਨੇ ਆਪਣੀ ਬੋਲੀ ਖ਼ਾਤਰ ਲਾਸਾਨੀ ਕੁਰਬਾਨੀਆਂ ਦਿੱਤੀਆਂ ਹਨ।

ਹਰ ਬੋਲੀ ਵਿਲੱਖਣ ਸੱਭਿਆਚਾਰ ਦਾ ਝਲਕਾਰਾ ਪੇਸ਼ ਕਰਦੀ ਹੈ। ਹਰ ਬੋਲੀ ਦੀ ਵੱਖਰੀ ਖ਼ੁਸ਼ਬੋਈ ਹੁੰਦੀ ਹੈ। ਵੱਖ-ਵੱਖ ਫੁੱਲਾਂ ਦੀ ਵੱਖਰੀ-ਵੱਖਰੀ ਮਹਿਕ ਵੰਨ-ਸੁਵੰਨਤਾ ਦੀ ਸ਼ਾਹਦੀ ਭਰਦੀ ਹੈ। ਮਾਂ-ਬੋਲੀ ਨੂੰ ਵਿਸਾਰਨ ਵਾਲਾ ਮਨੁੱਖ ਆਪਣੇ ਸੱਭਿਆਚਾਰ ਦੇ ਮੂਲ ਸਰੋਤਾਂ ਨਾਲੋਂ ਟੁੱਟ ਜਾਂਦਾ ਹੈ। ਦੇਸ਼ ਦੀ ਵੰਡ ਮੂਲ ਰੂਪ ਵਿਚ ਪੰਜਾਬ ਤੇ ਬੰਗਾਲ ਦਾ ਬਟਵਾਰਾ ਸੀ। ਇਸੇ ਬਟਵਾਰੇ ਦਾ ਸਬੱਬ ਬਣਿਆ ਹੈ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ

ਪੰਜਾਬੀ ਤੇ ਬੰਗਾਲੀ ਮਾਂ-ਬੋਲੀ ਦੀ ਲਹਿਰ ਸਮਾਨਾਂਤਰ ਚੱਲੀ ਸੀ। ਬੰਗਾਲ ਦਾ ਇਕ ਟੁਕੜਾ ਪੂਰਬੀ ਪਾਕਿਸਤਾਨ ਬਣ ਗਿਆ। ਪੰਜਾਬ ਦਾ ਇਕ ਹਿੱਸਾ ਪੱਛਮੀ ਪਾਕਿਸਤਾਨ ’ਚ ਜਾ ਕੇ ਲਹਿੰਦਾ ਪੰਜਾਬ ਅਖਵਾਇਆ। ਪੱਛਮੀ ਤੇ ਪੂਰਬੀ ਪਾਕਿਸਤਾਨ ਇਕ-ਦੂਜੇ ਤੋਂ ਦੋ ਹਜ਼ਾਰ ਕਿਲੋਮੀਟਰ ਦੀ ਵਿੱਥ ’ਤੇ ਸਨ। ਦੋਨਾਂ ਪਾਕਿਸਤਾਨਾਂ ਨਾਲ ਜ਼ਮੀਨੀ ਰਸਤਾ ਨਾ ਹੋਣ ਕਾਰਨ ਇਨ੍ਹਾਂ ਦੀ ਭਾਸ਼ਾ ਤੇ ਸੱਭਿਆਚਾਰ ਵੀ ਅਲੱਗ-ਅਲੱਗ ਸਨ। ਇਸਲਾਮ ਦੇ ਨਾਮ ’ਤੇ ਬਣੇ ਮੁਲਕ ਦੇ ਬਾਨੀ ਮੁਹੰਮਦ ਅਲੀ ਜਿਨਹਾ ਨੇ ਜਦੋਂ 1948 ਵਿਚ ਐਲਾਨ ਕੀਤਾ ਕਿ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਉਰਦੂ ਹੋਵੇਗੀ ਤਾਂ ਬੰਗਾਲੀਆਂ ਨੇ ਇਸ ਨੂੰ ਆਪਣੀ ਵੱਖਰੀ ਪਛਾਣ ਤੇ ਨਿਵੇਕਲੇ ਸੱਭਿਆਚਾਰ ਲਈ ਘਾਤਕ ਸਮਝਿਆ।

ਪੰਜਾਬੀ, ਸਿੰਧੀ, ਪਠਾਣ, ਬਲੋਚੀ ਅਤੇ ਸਰਾਇਕੀ ਆਦਿ ਬੋਲਣ ਵਾਲਿਆਂ ਨੇ ਜਿਨਹਾ ਦੇ ਐਲਾਨ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ। ਇਸ ਦੇ ਉਲਟ ਬੰਗਲਾ ਬੋਲਣ ਵਾਲੇ ਮੁਸਲਮਾਨ, ਹਿੰਦੂ ਤੇ ਹੋਰ ਫਿਰਕਿਆਂ ਨੇ ਇਸ ਨੂੰ ਵੰਗਾਰ ਵਾਂਗ ਲਿਆ। ਇੱਕੀ ਫਰਵਰੀ 1952 ਨੂੰ ਢਾਕਾ ਦੇ ਮੈਡੀਕਲ ਕਾਲਜ ਨੇੜੇ ਉਰਦੂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ’ਤੇ ਪੁਲਿਸ ਨੇ ਗੋਲ਼ੀ ਚਲਾ ਦਿੱਤੀ ਜਿਸ ਵਿਚ ਤਿੰਨ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ। ਲਹਿਰ ਹੋਰ ਪ੍ਰਚੰਡ ਹੋ ਗਈ। ਮਾਂ-ਬੋਲੀ ਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਬੰਗਾਲੀ ਇਕ ਮੰਚ ’ਤੇ ਇਕੱਠੇ ਹੋ ਗਏ। ਇਸ ਲਹਿਰ ਦੀ ਬਦੌਲਤ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਰਹਿਨੁਮਾਈ ਹੇਠ 1971 ’ਚ ਬੰਗਲਾਦੇਸ਼ ਬਣਿਆ ਜਿਸ ’ਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ। ਦੁਨੀਆ ਦੇ ਨਕਸ਼ੇ ’ਤੇ ਨਵੇਂ ਉੱਭਰੇ ਮੁਲਕ ਦਾ ਨਾਮ ਬੰਗਲਾ ’ਤੇ ਪੈਣਾ ਮਾਂ-ਬੋਲੀ ਦੀ ਲਹਿਰ ਦਾ ਹਾਸਲ ਸੀ। ਵੱਖਰਾ ਮੁਲਕ ਬਣਾਉਣ ਲਈ ਲੱਖਾਂ ਬੰਗਾਲੀਆਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਸਨ।

ਸਪਸ਼ਟ ਸੀ ਕਿ ਮਾਂ-ਬੋਲੀ ਨੇ ਪੂਰਬੀ ਪਾਕਿਸਤਾਨ ਦੇ ਤਮਾਮ ਫਿਰਕਿਆਂ ਨੂੰ ਜੋੜ ਕੇ ਆਪਣੇ ਸੱਭਿਆਚਾਰ ਨੂੰ ਲੱਗਣ ਵਾਲੇ ਖੋਰੇ ਨੂੰ ਬਚਾ ਲਿਆ ਸੀ। ਮਾਂ-ਬੋਲੀ ਦੇ ਨਾਂ ’ਤੇ ਲੜੀ ਗਈ ਜੰਗ ਫ਼ਿਰਕੂ ਲੀਹਾਂ ਤੋਂ ਉੱਪਰ ਸੀ। ਅਫ਼ਸੋਸ! ਸਮਾਨਾਂਤਰ ਚੱਲੀ ਪੰਜਾਬੀ ਸੂਬੇ ਦੀ ਲਹਿਰ ਨੇ ਸਮੁੱਚੇ ਪੰਜਾਬੀਆਂ ਨੂੰ ਜੋੜਨ ਦੀ ਬਜਾਏ ਇਕ-ਦੂਜੇ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ। ਦੇਸ਼ ਦੇ ਬਟਵਾਰੇ ਨੇ ਪਹਿਲਾਂ ਹੀ ‘ਦੇਸ ਪੰਜਾਬ’ ਕਹੇ ਜਾਣ ਵਾਲੇ ਖਿੱਤੇ ਨੂੰ ਮਗ਼ਰਬੀ ਤੇ ਮਸ਼ਰਕੀ ਪੰਜਾਬਾਂ ’ਚ ਤਕਸੀਮ ਕਰ ਦਿੱਤਾ ਸੀ। ਆਜ਼ਾਦੀ ਦੀ ਜੰਗ ਜਿਨ੍ਹਾਂ ਨੇ ਇਕੱਠੇ ਲੜੀ ਸੀ, ਉਹ ਅਚਾਨਕ ਇਕ-ਦੂਜੇ ਦੇ ਖ਼ੂਨ ਦੇ ਤ੍ਰਿਹਾਏ ਹੋ ਗਏ। ਦਸ ਲੱਖ ਤੋਂ ਵੱਧ ਪੰਜਾਬੀ ਫਿਰਕੂ ਦੰਗਿਆਂ ਦੇ ਸ਼ਿਕਾਰ ਹੋ ਗਏ ਸਨ। ਮੁਲਕ ਆਜ਼ਾਦ ਹੋਣ ਤੋਂ ਬਾਅਦ ਕੁਝ ਸਾਲਾਂ ਅੰਦਰ ਹੀ ਭਾਸ਼ਾਵਾਂ ਦੇ ਆਧਾਰ ’ਤੇ ਨਵੇਂ ਸੂਬੇ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਸੀ।

ਵਿਸ਼ਾਲ ਮਦਰਾਸ ਸਟੇਟ (ਕਰਨਾਟਕ, ਕੇਰਲ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ )’ਚ ਤਾਮਿਲ ਤੇ ਤੇਲਗੂ ਬੋਲਣ ਵਾਲਿਆਂ ਨੇ ਆਪੋ-ਆਪਣੀ ਮਾਂ-ਬੋਲੀ ਨੂੰ ਲੈ ਕੇ ਜਹਾਦ ਖੜ੍ਹਾ ਕਰ ਦਿੱਤਾ ਸੀ। ਸਤਾਈ ਦਸੰਬਰ 1951 ਨੂੰ ਚੋਣ ਰੈਲੀ ਵਿਚ ਗੰਟੂਰ ਪੁੱਜੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਲੋਕ-ਰੋਹ ਕਾਰਨ ਆਪਣਾ ਭਾਸ਼ਣ ਵਿੱਚੇ ਛੱਡ ਕੇ ਵਾਪਸ ਜਾਣਾ ਪਿਆ ਸੀ। ਉਹ ਕਹਿ ਰਹੇ ਸਨ ਕਿ ਮੁਲਕ ਦਾ ਫਿਰ ਬਟਵਾਰਾ ਹੋ ਸਕਦਾ ਹੈ। ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਭਾਸ਼ਾ ਦੇ ਆਧਾਰ ’ਤੇ ਹੋ ਰਹੀ ਅੱਗਜ਼ਨੀ ਤੇ ਮਾਰ-ਧਾੜ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖ਼ਤਰਾ ਹੈ।

ਆਖ਼ਰ ਨਹਿਰੂ ਨੂੰ ਝੁਕਣਾ ਪਿਆ ਤੇ ਇਕ ਅਕਤੂਬਰ 1953 ਨੂੰ ਆਂਧਰਾ ਭਾਸ਼ਾ ਦੇ ਆਧਾਰ ’ਤੇ ਪਹਿਲਾ ਵੱਖਰਾ ਸੂਬਾ ਬਣ ਗਿਆ। ਨਹਿਰੂ ਭਾਸ਼ਾ ਜਾਂ ਮਾਂ-ਬੋਲੀ ਬਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਂਪਣ ’ਚ ਅਸਫਲ ਰਹੇ ਸਨ। ਪੰਜਾਬ ਨੂੰ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਨ ਲਈ ਦਸ ਸਾਲ ਹੋਰ ਇੰਤਜ਼ਾਰ ਕਰਨਾ ਪਿਆ ਸੀ। ਲਗਪਗ ਸੱਠ ਹਜ਼ਾਰ ਪੰਜਾਬੀਆਂ ਨੂੰ ਇਸ ਮਕਸਦ ਲਈ ਜੇਲ੍ਹ ਯਾਤਰਾ ਕਰਨੀ ਪਈ ਸੀ। ਹਰਬੰਸ ਸਿੰਘ ‘ਅਖਾੜਾ’ ਨੇ ‘ਪੰਜਾਬ ਸੂਬਾ ਮੋਰਚਾ 1960’ ਵਿਚ ਆਪਣੀ ਜੇਲ੍ਹ ਯਾਤਰਾ ਦਾ ਹੱਡੀਂ ਹੰਢਾਇਆ ਤਜਰਬਾ ਸਾਂਝਾ ਕੀਤਾ ਹੈ।

ਪੰਜਾਬੀ ਸੂਬਾ ਹਾਸਲ ਕਰਨ ਲਈ ਭਾਵੇਂ ਸਿਰਕੱਢ ਪੰਥਕ ਆਗੂਆਂ ਤੋਂ ਇਲਾਵਾ ਹਿੰਦੂ-ਮੁਸਲਮਾਨ ਨੇਤਾਵਾਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਪਰ ਕਈ ਪੰਜਾਬੀਆਂ ਦੇ ਨਾਂਹ-ਪੱਖੀ ਰਵੱਈਏ ਨੇ ਇਸ ਸੁਪਨੇ ਨੂੰ ਸਾਕਾਰ ਹੋਣ ਵਿਚ ਕਈ ਅੜਚਣਾਂ ਵੀ ਪਾਈਆਂ। ‘ਅਖਾੜਾ’ ਲਿਖਦੇ ਹਨ ਕਿ 22 ਮਈ 1960 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬੀ ਸੂਬਾ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਡਿਤ ਸੁੰਦਰ ਦਾਸ ਨੇ ਕੀਤੀ ਸੀ। ਇਸ ’ਚ ਅਕਾਲੀਆਂ ਤੋਂ ਇਲਾਵਾ ਹਿੰਦੂ, ਮੁਸਲਮਾਨ, ਸੁਤੰਤਰ ਪਾਰਟੀ ਅਤੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਨੇਤਾ ਵੀ ਸ਼ਾਮਲ ਸਨ।

ਕਾਂਗਰਸ ਦੇ ਉੱਘੇ ਨੇਤਾ ਡਾ. ਸੈਫੂਦੀਨ ਕਿਚਲੂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵੱਖਰੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ। ‘ਅਖਾੜਾ’ ਜੀ ਨੇ ਕਈ ਹੋਰ ਯਾਤਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ’ਚੋਂ ਪੰਜਾਬੀ ਸੂਬਾ ਮੋਰਚੇ ਦੇ ਕਾਰਕੁਨਾਂ ਨੂੰ ਲੰਘਣਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਜਜ਼ਬਾ ਠਾਠਾਂ ਮਾਰਦਾ ਸੀ। ਇਸ ਮੋਰਚੇ ਨੇ ਅਲੌਕਿਕ ਸਾਹਿਤ ਵੀ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਇਆ। ਇਕ ਕਵੀ ਦੇ ਬੋਲ ਆਤਮਸਾਤ ਕਰੋ ‘‘ਮੈਨੂੰ ਗੀਤ ਸੂਬੇ ਦੇ ਗਾ ਲੈਣ ਦੇ ਨੀ/ਮੈਨੂੰ ਜਿੰਦੜੀ ਲੇਖੇ ਲਾ ਲੈਣ ਦੇ ਨੀ।’’ ਇਸ ਦੇ ਉਲਟ ਕੁਝ ਪੰਜਾਬੀਆਂ ਨੇ 1961 ਦੀ ਮਰਦਮਸ਼ੁਮਾਰੀ ਵੇਲੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਦਾ ਸੱਦਾ ਦੇ ਕੇ ਇਸ ਲਹਿਰ ਨੂੰ ਵੱਡੀ ਢਾਹ ਲਾਈ ਸੀ।

‘ਪੰਜਾਬੀ ਸੂਬਾ ਮੋਰਚਾ 1960’ ਦੇ 17ਵੇਂ ਕਾਂਡ ਵਿਚ ‘ਅਖਾੜਾ’ ਇਕ ਹੋਰ ਤੱਥ ਪੇਸ਼ ਕਰਦੇ ਹਨ, ‘‘ਅੰਦੋਲਨ ਦੌਰਾਨ ਆਰਐੱਸਐੱਸ ਦੇ ਮੁਖੀ ਸ੍ਰੀ ਐੱਮ.ਐੱਸ. ਗੋਵਾਲਕਰ ਨੇ ਪੰਜਾਬ ਦਾ ਦੌਰਾ ਕੀਤਾ ਸੀ। ਗੋਵਾਲਕਰ ਨੇ ਇਸ ਗੱਲ ਲਈ ਉਨ੍ਹਾਂ ਨੇਤਾਵਾਂ ਦੀ ਕਰੜੀ ਆਲੋਚਨਾ ਕੀਤੀ ਜਿਹੜੇ ਇਹ ਕਹਿੰਦੇ ਸਨ ਕਿ ਪੰਜਾਬੀ ਹਿੰਦੂਆਂ ਦੀ ਭਾਸ਼ਾ ਨਹੀਂ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਮੁੱਚੇ ਪੰਜਾਬੀ ਆਪਣੀ ਮਾਤ ਭਾਸ਼ਾ ਵਜੋਂ ਆਪਣੀ ਮਾਂ-ਬੋਲੀ ਵਜੋਂ ਪ੍ਰਵਾਨ ਕਰਨ। ਉਨ੍ਹਾਂ ਭਾਸ਼ਾਈ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਵੀ ਵਕਾਲਤ ਕੀਤੀ ਸੀ। ਇਸ ਦੇ ਬਾਵਜੂਦ ਪੰਜਾਬੀਆਂ ਦਾ ਇਕ ਵਰਗ, ਜਿਸ ’ਚ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਸ਼ਾਮਲ ਸੀ, ਵੱਖਰੇ ਪੰਜਾਬੀ ਸੂਬੇ ਦੀ ਮੰਗ ਦਾ ਵਿਰੋਧ ਕਰਦਾ ਰਿਹਾ।

ਅਜਿਹੇ ਹਾਲਾਤ ਪੈਦਾ ਹੋਣ ਕਾਰਨ ਹੀ ਪੰਜਾਬੀਆਂ ਨੂੰ ਲੰਗੜਾ ਪੰਜਾਬੀ ਸੂਬਾ ਮਿਲਿਆ ਹੈ। ਅੱਜ ਫਿਰ ਪੰਜਾਬੀਆਂ ਦਾ ਵੱਡਾ ਤਬਕਾ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋ ਰਿਹਾ ਹੈ। ਬਾਬੂ ਫਿਰੋਜ਼ਦੀਨ ‘ਸ਼ਰਫ਼’ ਮਾਂ-ਬੋਲੀ ਦੀ ਦੁਰਦਸ਼ਾ ਬਾਰੇ ਲਿਖਦੇ ਹਨ : ਸ਼ਰਫ਼ ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ/ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ। ਪੰਜਾਬੀਆਂ ਨੂੰ ਇਹ ਬਹੁਤ ਵੱਡਾ ਮਿਹਣਾ ਹੈ। ਮਾਂ-ਬੋਲੀ ਨੂੰ ਬਣਦਾ ਸਨਮਾਨ ਹਾਸਲ ਕਰਵਾਉਣ ਲਈ ਸਾਰੀ ਟੇਕ ਸਰਕਾਰ ’ਤੇ ਲਾਉਣ ਦੀ ਬਜਾਏ ਸਮੁੱਚੇ ਪੰਜਾਬੀਆਂ ਨੂੰ ਸਾਂਝੀ ਲਹਿਰ ਚਲਾਉਣ ਦੀ ਦਰਕਾਰ ਹੈ।


Comments

Leave a Reply

Your email address will not be published. Required fields are marked *