ਵਰਿੰਦਰ ਵਾਲੀਆ
ਸਾਂਝੇ ਸਾਹ ਤੇ ਸਾਂਝੇ ਹਉਕੇ ਲੈਣ ਵਾਲੀ ਪੰਜਾਬੀ ਕੌਮ ’ਤੇ ਅੱਜ-ਕੱਲ੍ਹ ਫਿਰ ਸਾੜ੍ਹਸਤੀ ਛਾਈ ਹੋਈ ਹੈ। ਚੁਫੇਰੇ ਝੁੱਲ ਰਹੀਆਂ ਤੱਤੀਆਂ ਹਵਾਵਾਂ ਨਾਲ ਤਨ-ਮਨ ਲੂਹਿਆ ਜਾ ਰਿਹਾ ਹੈ। ਸਾਡੇ ਮੋਹਰੀ, ਦੋਖੀਆਂ ਦੇ ਹੱਥਾਂ ਵਿਚ ਮੋਹਰਾ ਬਣ ਕੇ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਤੁਰੇ ਹੋਏ ਹਨ। ਪੰਜ ਪਾਣੀਆਂ ਨਾਲ ਸਿੰਜੀ ਭੋਇੰ ਅਤੇ ਪੰਜ ਬਾਣੀਆਂ ਨਾਲ ਸਰਸ਼ਾਰ ਆਬੋ-ਹਵਾ ਨੂੰ ਪਲੀਤ ਕਰਨ ਲਈ ਪਲੀਤੇ ਲਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ‘ਆਪਣੇ ਹਥੀ ਆਪਣੀ ਜੜ ਆਪਿ ਉਪਟੈ’ ਵਾਲੇ ਵਰਤਾਰੇ ਨੇ ਪੰਜਾਬ-ਪ੍ਰਸਤਾਂ ਨੂੰ ਚਿੰਤਾ ਦੇ ਡੂੰਘੇ ਸਾਗਰ ਵਿਚ ਡੋਬ ਦਿੱਤਾ ਹੈ।
ਭ੍ਰਾਂਤੀਆਂ ਮਿਟਾ ਕੇ ਕ੍ਰਾਂਤੀਆਂ ਦੀ ਤਵਾਰੀਖ਼ ਲਿਖਣ ਵਾਲੇ ਪੰਜਾਬੀ ਸਮੇਂ ਦੇ ਕੂਹਣੀਮੋੜ ’ਤੇ ਖੜ੍ਹੇ ਹਨ। ਰਹਿਬਰਾਂ ਦੇ ਮੂੰਹ ਵਿਚ ਜਦੋਂ ਵੀ ਘੁੰਗਣੀਆਂ ਪਈਆਂ, ਤੂਫ਼ਾਨਾਂ ਅੱਗੇ ਖੜ੍ਹਨ, ਲੜਨ ਤੇ ਮਰਨ ਵਾਲੇ ਪੰਜਾਬੀ ਔਝੜੇ ਰਾਹਾਂਦੇ ਪਾਂਧੀ ਬਣਦੇ ਰਹੇ ਹਨ। ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਰਹੇ ਸੂਬੇ ’ਚ ਹੁਣ ਇਸ ਦੇ ਆਪਣੇ ਜਾਏ ਹੀ ਖ਼ੁਸ਼ ਨਹੀਂ ਹਨ। ਜਿਸ ਕਿਸੇ ਦਾ ਦਾਅ ਲੱਗਦਾ ਹੈ ਉਹ ਵਿਦੇਸ਼ਾਂ ਲਈ ਪਰਵਾਜ਼ ਭਰਦਾ ਹੈ। ਪੰਜਾਬ ਦੇ ਜਾਇਆਂ ਦਾ ਆਪਣੀ ਜਨਮ ਭੋਇੰ ਨਾਲ ਮੋਹ ਭੰਗ ਹੋਣ ਦਾ ਮੂਲ ਕਾਰਨ ਵੀ ਇੱਥੋਂ ਦਾ ਤੇਜ਼ਾਬੀ ਮਾਹੌਲ ਹੈ ਜਿੱਥੇ ਅਮਨ-ਪਸੰਦ ਲੋਕਾਂ ਨੂੰ ਸਾਹ ਲੈਣਾ ਵੀ ਮੁਹਾਲ ਲੱਗ ਰਿਹਾ ਹੈ। ਨਸ਼ਿਆਂ ਨਾਲ ਪੱਟੀ ਨੌਜਵਾਨੀ ਤੇ ਬੇਰੁਜ਼ਗਾਰਾਂ ਦੀਆਂ ਹੇੜਾਂ ਜੁਝਾਰੂ ਵਿਰਸੇ ਵਾਲੇ ਪੰਜਾਬ ਵਿਚ ਨਮੋਸ਼ੀ ਵਾਲਾ ਸੱਭਿਆਚਾਰ ਸਿਰਜ ਰਹੀਆਂ ਹਨ। ਨਿਰਾਸ਼ਾ ਦੇ ਵਾਵਰੋਲਿਆਂ ਵਿਚ ਸੁਨਹਿਰੀ ਸੁਪਨੇ ਸੁੱਕੇ ਪੱਤਿਆਂ ਵਾਂਗ ਉੱਡ-ਪੁੱਡ ਰਹੇ ਹਨ।
ਅਜਿਹੇ ਵਿਸਫੋਟਕ ਹਾਲਾਤ ਵਿਚ ਸਾਡੀ ਸਨਅਤ ਦੂਜੇ ਸੂਬਿਆਂ ’ਚ ਜਾ ਰਹੀ ਹੈ। ਫ਼ਲਸਰੂਪ ਫੈਕਟਰੀਆਂ ਦੀਆਂ ਚਿਮਨੀਆਂ ’ਚੋਂ ਨਿਕਲਣ ਵਾਲਾ ਧੂੰਆਂ ਹੁਣ ਵਿਹਲੇ ਹੋਏ ਵਰਕਰਾਂ ਦੇ ਦਿਲਾਂ ’ਚੋਂ ਉੱਠਦਾ ਪ੍ਰਤੀਤ ਹੁੰਦਾ ਹੈ। ਅਜਿਹੀਆਂ ਪ੍ਰਸਥਿਤੀਆਂ ਪੱਛਮੀ ਬੰਗਾਲ ਨਾਲ ਮੇਲ ਖਾ ਰਹੀਆਂ ਹਨ ਜਿੱਥੇ ਚੱਤੋ-ਪਹਿਰ ਦੀ ਹਿੰਸਾ ਨੇ ਧਨਾਢਾਂ ਨੂੰ ਆਪਣਾ ਸਰਮਾਇਆ ਦੂਜੇ ਸੂਬਿਆਂ ਵਿਚ ਲਿਜਾਉਣ ਲਈ ਮਜਬੂਰ ਕੀਤਾ ਸੀ।
ਲਾਲ ਝੰਡੇ ਕਾਰਨ ਸੂਬੇ ਦੀ ਚੱਪਾ-ਚੱਪਾ ਧਰਤੀ ਲਾਲ ਹੋਣੀ ਸ਼ੁਰੂ ਹੋਈ ਤਾਂ ਦੇਸ਼-ਵਿਦੇਸ਼ ਦੇ ਵੱਡੇ ਸਨਅਤੀ ਘਰਾਣਿਆਂ ਨੇ ਪੱਛਮੀ ਬੰਗਾਲ ਨੂੰ ਅਲਵਿਦਾ ਕਹਿ ਦਿੱਤਾ ਸੀ। ਸੱਤਰਵਿਆਂ ’ਚ ਭੂਤਰੀ ਭੀੜ ਨੇ ਅਦਿੱਤਿਆ ਬਿਰਲਾ ਨੂੰ ਕਾਰ ’ਚੋਂ ਧੂਹ ਕੇ ਬਾਹਰ ਕੱਢਿਆ ਤੇ ਉਸ ਦੇ ਕੱਪੜੇ ਲੀਰੋ-ਲੀਰ ਕਰ ਦਿੱਤੇ ਸਨ। ਉਸ ਨੂੰ ਅਰਧ-ਨਗਨ ਅਵਸਥਾ ਵਿਚ ਪੈਦਲ ਆਪਣੇ ਦਫ਼ਤਰ ਜਾਣ ਲਈ ਮਜਬੂਰ ਕੀਤਾ। ਫ਼ਲਸਰੂਪ ਬਿਰਲਾ ਜਹਾਜ਼ ਚੜ੍ਹ ਕੇ ਮੁੰਬਈ ਪੁੱਜਾ ਤੇ ਉਸ ਨੇ ਬੰਗਾਲ ’ਚੋਂ ਆਪਣਾ ਸਾਰਾ ਸਰਮਾਇਆ ਸਮੇਟਣ ਦਾ ਫ਼ੈਸਲਾ ਕਰ ਲਿਆ।
ਇਸ ਤੋਂ ਬਾਅਦ ਦੇਸ਼ ਦੇ ਵੱਡੇ ਧਨਾਢਾਂ ਨੇ ਬੰਗਾਲ ਵੱਲ ਮੂੰਹ ਨਾ ਕੀਤਾ। ਪੱਛਮੀ ਬੰਗਾਲ ਵਿਚ ਸ਼ੁਰੂ-ਸ਼ੁਰੂ ਵਿਚ ਕੰਪਿਊਟਰੀਕਰਨ ਦਾ ਵੀ ਵੱਡਾ ਵਿਰੋਧ ਹੋਇਆ ਸੀ। ਧਰਨੇ-ਮੁਜ਼ਾਹਰਿਆਂ ਕਾਰਨ ਬੰਗਾਲ ਦੀ ਬਜਾਏ ਬੰਗਲੌਰ ਆਈਟੀ ਹੱਬ ਬਣ ਗਿਆ ਜਿੱਥੇ ਅਣਗਿਣਤ ਬੰਗਾਲੀ ਨੌਕਰੀਆਂ ਕਰ ਰਹੇ ਹਨ। ਤਤਕਾਲੀ ਮੁੱਖ ਮੰਤਰੀ ਜੋਤੀ ਬਾਸੂ ਨੂੰ ਲੰਬੇ ਰਾਜ ਕਾਲ ਤੋਂ ਬਾਅਦ ਸੂਬੇ ਦੇ ਪੱਛੜੇਪਣ ਦੀ ਸਮਝ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ।
ਮੁੱਦਤ ਬਾਅਦ ਰਤਨ ਟਾਟਾ ਨੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਖੇਤਰ ਵਿਚ 1100 ਏਕੜ ਵਿਚ ਟਾਟਾ ਨੈਨੋ ਦੀ ਵਿਸ਼ਾਲ ਫੈਕਟਰੀ ਲਾਉਣ ਦਾ ਫ਼ੈਸਲਾ ਲਿਆ ਤਾਂ ਮਮਤਾ ਬੈਨਰਜੀ ਨੇ ਉਸ ਖ਼ਿਲਾਫ਼ ਝੰਡਾ ਚੁੱਕ ਲਿਆ ਸੀ। ਮਜਬੂਰਨ ਇਹ ਫੈਕਟਰੀ ਗੁਜਰਾਤ ਚਲੀ ਗਈ। ਕੁਝ ਦਹਾਕਿਆਂ ਤੋਂ ਪੰਜਾਬ ਦੇ ਹਾਕਮ ਵੀ ਦੇਸ਼-ਵਿਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਨਿਵੇਸ਼ ਲਈ ਸੱਦਾ ਦਿੰਦੇ ਆ ਰਹੇ ਹਨ। ਸੂਬੇ ਦੇ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਮੱਠਾ ਹੁੰਗਾਰਾ ਮਿਲ ਰਿਹਾ ਹੈ। ਚੱਕਾ ਜਾਮ ਕਰਨਾ ਜਿਵੇਂ ਮਖੌਲ ਬਣ ਗਿਆ ਹੈ। ਜਿੱਧਰ ਜਾਓ, ਚੱਕਾ ਜਾਮ। ਸੂਬੇ ਦੇ ਅਰਥਚਾਰੇ ਨੂੰ ਅਜਿਹੇ ਹਾਲਾਤ ਰਸਾਤਲ ਵੱਲ ਲਿਜਾ ਰਹੇ ਹਨ। ਮੱਚਦੀ ਅੱਗ ਵਿਚ ਕੋਈ ਨਹੀਂ ਕੁੱਦਦਾ। ਥਾਂ-ਥਾਂ ਮੱਚਦੇ ਭਾਂਬੜ ਕਾਰਨ ਆਸਪਾਸ ਦਾ ਵਣ-ਤ੍ਰਿਣ ਵੀ ਝੁਲਸ ਜਾਂਦਾ ਹੈ।
ਪਿਛਲੇ ਅਰਸੇ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿਚ ਹੋਈਆਂ ਹਿੰਸਕ ਵਾਰਦਾਤਾਂ ਨੇ ਨਿਵੇਸ਼ਕਾਂ ਨੂੰ ਹੋਰ ਡਰਾ ਦਿੱਤਾ ਹੈ। ਆਪਣੇ ਨੋਟਾਂ ਦੀ ਹੋਲੀ ਬਾਲਣਾ ਕੋਈ ਨਹੀਂ ਚਾਹੇਗਾ। ਲਾਹੌਰ ਤੋਂ ਪੰਜਾਹ ਕਿਲੋਮੀਟਰ ਦੂਰ ਅਜਨਾਲੇ ਵਾਪਰੀ ਹਿੰਸਕ ਘਟਨਾ ਨੇ ਪੰਜਾਬ ਸਰਕਾਰ ਤੋਂ ਇਲਾਵਾ ਆਮ ਪੰਜਾਬੀਆਂ ਨੂੰ ਵੀ ਚਿੰਤਾ ਵਿਚ ਡੋਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਵਾਰਿਸ ਪੰਜਾਬ ਦੇ’ ਕਹਾਉਣ ਵਾਲੇ ਪੰਜਾਬ ਅਤੇ ਪੰਜਾਬੀਅਤ ਦੇ ਅਸਲ ਵਾਰਿਸ ਨਹੀਂ ਹਨ। ਆਪਣੇ ਸਾਥੀ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ ਗਿਆ। ‘ਗੁਰੂ ਮਾਨਿਓ ਗ੍ਰੰਥ’ ਦੀ ਢਾਲ ਅੱਗੇ ਪੁਲਿਸ ਨਿਢਾਲ ਹੋ ਗਈ ਸੀ। ਕਈ ਕਰਮਚਾਰੀ ਜ਼ਖ਼ਮੀ ਹੋਣ ਦੇ ਬਾਵਜੂਦ ਪੁਲਿਸ ਨੇ ਬਲ ਪ੍ਰਯੋਗ ਕਰਨ ਤੋਂ ਸੰਕੋਚ ਕੀਤਾ।
ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਸਣੇ ਵੱਖ-ਵੱਖ ਪੰਥਿਕ ਧਿਰਾਂ ਅਤੇ ਸਿਆਸੀ ਪਾਰਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਣ ਦੇ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਜਲੰਧਰ ਦੇ ਇਕ ਗੁਰਦੁਆਰੇ ਵਿਚ ਬਿਰਧ ਸੰਗਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਨੀਵੀਆਂ ਤੇ ਅਲੱਗ ਲਗਾਈਆਂ ਕੁਰਸੀਆਂ ਤੇ ਬੈਂਚਾਂ ਨੂੰ ਸਾੜਨ ਤੋਂ ਬਾਅਦ ਲੋਕਾਂ ਨੇ ਜ਼ੁਬਾਨ ਦੱਬ ਕੇ ਵਿਰੋਧ ਕੀਤਾ ਸੀ। ਅਜਨਾਲੇ ਵਾਲੀ ਘਟਨਾ ਪਿੱਛੋਂ ਬਿਆਨਬਾਜ਼ੀ ਦੀ ਝੜੀ ਲੱਗ ਗਈ ਹੈ।
ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੇ ਦਿਨ ਭਾਵੇਂ ਨਾਪ-ਤੋਲ ਕੇ ਬਿਆਨ ਦਿੱਤਾ ਸੀ ਫਿਰ ਵੀ ਉਨ੍ਹਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਬਣਾਈ ਗਈ ਸਬ-ਕਮੇਟੀ ਹਾਂ-ਪੱਖੀ ਪਹਿਲ ਹੈ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟਕਸਾਲੀ ਲੋਕ ਅਕਸਰ ਕਿਹਾ ਕਰਦੇ ਸਨ ਕਿ ਜਦੋਂ ਕੋਈ ਚੜ੍ਹ ਕੇ ਆਵੇ ਤਾਂ ਗੁਰਦੁਆਰੇ ਵਿਚ ਸ਼ਰਨ ਨਾ ਲਵੋ ਪਰ ਅੰਮ੍ਰਿਤਪਾਲ ਹੋਣੀ ਤਾਂ ਗੁਰਦੁਆਰਾ ਹੀ ਨਾਲ ਲੈ ਕੇ ਚਲੇ ਗਏ।
ਉਨ੍ਹਾਂ ਕਿਹਾ ਕਿ ਜੇ ਗ਼ੈਰ-ਪੰਜਾਬੀ ਸੁਰੱਖਿਆ ਬਲ ਹੁੰਦਾ ਤਾਂ ਜਲ-ਤੋਪਾਂ ਦੀਆਂ ਬੁਛਾੜਾਂ ਪੈਣ ਦਾ ਖ਼ਦਸ਼ਾ ਹੋ ਸਕਦਾ ਸੀ। ਅਜਨਾਲਾ ਕਾਂਡ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ, ਕਾਂਗਰਸ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਅਜਨਾਲੇ ਦੇ ਥਾਣੇ ’ਤੇ ਬੋਲੇ ਧਾਵੇ ਦੀ ਆਲੋਚਨਾ ਕੀਤੀ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਗਠਿਤ ਸਬ-ਕਮੇਟੀ ਜੇ ਪਾਵਨ ਸਰੂਪਾਂ ਨੂੰ ਪ੍ਰਦਰਸ਼ਨਾਂ, ਰੋਸ ਧਰਨਿਆਂ ’ਚ ਲਿਜਾਣ ’ਤੇ ਮੁਕੰਮਲ ਪਾਬੰਦੀ ਲਾਉਂਦੀ ਹੈ ਤਾਂ ਇਸ ਨੂੰ ਇਤਿਹਾਸਕ ਫ਼ੈਸਲਾ ਗਿਣਿਆ ਜਾਵੇਗਾ। ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਜੇ ਸਪਸ਼ਟ ਸਟੈਂਡ ਨਹੀਂ ਲੈਂਦੀਆਂ ਤਾਂ ਅਗਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਸਦਾ ਕੋਸਦੀਆਂ ਰਹਿਣਗੀਆਂ।
ਮਾਰਗ ਦਰਸ਼ਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸ਼ਾਂਤਮਈ ਰੋਸ ਦਾ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਕਾਨੂੰਨ ਨੂੰ ਹੱਥ ਵਿਚ ਲੈਣਾ ਹਮੇਸ਼ਾ ਮਹਿੰਗਾ ਪੈਂਦਾ ਹੈ। ਮਨੁੱਖੀ ਢਾਲ ਜਾਂ ਪਾਵਨ ਸਰੂਪਾਂ ਨੂੰ ਢਾਲ ਬਣਾਉਣਾ ਕਮਜ਼ੋਰੀ ਦਾ ਸੂਚਕ ਸਮਝਿਆ ਜਾਵੇਗਾ। ਇਤਿਹਾਸ ਗਵਾਹ ਹੈ ਕਿ ਸ਼ਾਂਤਮਈ ਮੋਰਚਿਆਂ ਨਾਲ ਵੱਡੀ ਤੋਂ ਵੱਡੀ ਜੰਗ ਜਿੱਤੀ ਜਾਂਦੀ ਰਹੀ ਹੈ ਜਦਕਿ ਹਿੰਸਕ ਵਾਰਦਾਤਾਂ ਤਸ਼ੱਦਦ ਦਾ ਸਬੱਬ ਬਣਦੀਆਂ ਰਹੀਆਂ ਹਨ। ਦਮਨ-ਚੱਕਰ ਦਾ ਆਗਾਜ਼ ਵੀ ਇੱਥੋਂ ਹੁੰਦਾ ਹੈ।
ਪੰਜਾਬ ਵਿਚ ਪਿਛਲੇ ਲੰਬੇ ਅਰਸੇ ਤੋਂ ਨਸਲਾਂ ਤੇ ਫ਼ਸਲਾਂ ਦਾ ਖ਼ਰਾਬਾ ਵੱਡਾ ਮੁੱਦਾ ਬਣਿਆ ਰਿਹਾ। ਸ਼ਾਂਤਮਈ ਧਰਨੇ-ਪ੍ਰਦਰਸ਼ਨ ਜਦ ਕਦੇ ਜਨ-ਸਮੂਹ ਦੇ ਰੋਸ ਦਾ ਸੂਚਕ ਬਣੇ, ਉਦੋਂ ਹਾਕਮਾਂ ਨੂੰ ਝੁਕਣਾ ਪਿਆ ਸੀ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸ਼ਾਸਤਰ ਅਤੇ ਸ਼ਸਤਰਾਂ ਦਾ ਸੁਮੇਲ ਹੀ ਚੰਗੇ ਸਿੱਟੇ ਕੱਢਦਾ ਰਿਹਾ ਹੈ। ਬਿਨਾਂ ਵਜ੍ਹਾ ਮਿਆਨਾਂ ’ਚੋਂ ਸੂਤੀਆਂ ਕਿਰਪਾਨਾਂ ਅਸ਼ੁਭ ਸ਼ਗਨ ਹੁੰਦੀਆਂ ਹਨ। ਪੰਜਾਬ ਵਿਚ ਸਿਰਜਿਆ ਜਾ ਰਿਹਾ ਹਿੰਸਾ ਦਾ ਬਿਰਤਾਂਤ ਪੰਜਾਬੀਆਂ ਦੀ ਛਵੀ ਖ਼ਰਾਬ ਕਰੇਗਾ। ਪੰਜਾਬੀਆਂ ਨੂੰ ਸਮਝ ਨਾ ਆਈ ਤਾਂ ਹਿੰਸਕ ਵਾਰਦਾਤਾਂ ਕਾਲੇ ਦੌਰ ਦੀ ਆਹਟ ਹੋ ਸਕਦੀਆਂ ਹਨ। ਬਰਛਿਆਂ ਨਾਲ ਕਦੇ ਸੁਨਹਿਰੀ ਇਤਿਹਾਸ ਨਹੀਂ ਲਿਖਿਆ ਜਾ ਸਕਦਾ।
ਪੰਜਾਬੀਆਂ ਨੂੰ ਖ਼ੁਦ ਨਾਇਕਾਂ ਤੇ ਖਲਨਾਇਕਾਂ ਦਾ ਨਿਖੇੜਾ ਕਰਨਾ ਪਵੇਗਾ। ਪੰਜਾਬ ਅੱਜ ਖੜੋਤ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਪੰਜਾਬ ਜਟਿਲ ਚੱਕਰਵਿਊ ਵਿਚ ਫਸਿਆ ਹੋਇਆ ਨਜ਼ਰ ਆਉਂਦਾ ਹੈ। ਸਾਡੇ ਪਾਣੀ ਤੇ ਬੋਲ-ਬਾਣੀ, ਦੋਨੋਂ ਪਲੀਤ ਹੋ ਰਹੇ ਹਨ। ਚਿੱਕੜ-ਉਛਾਲੀ ਕਿਸੇ ਦੇ ਹਿੱਤ ਵਿਚ ਨਹੀਂ ਹੈ। ਸੇਹ ਦਾ ਤੱਕਲਾ ਗੱਡਣ ਵਾਲਿਆਂ ਦੀ ਪੈੜ ਨੱਪਣੀ ਸਮੇਂ ਦੀ ਲੋੜ ਹੈ।
Leave a Reply