ਕਿਛੁ ਸੁਣੀਐ ਕਿਛੁ ਕਹੀਐ-2 (ਪੰਜਾਬੀ ਜਾਗਰਣ –– 22nd January, 2023)

ਧਾਰਮਿਕ ਸਹਿਣਸ਼ੀਲਤਾ ਦਿਨ-ਬ-ਦਿਨ ਘਟ ਰਹੀ ਹੈ ਜਿਸ ਕਰਕੇ ਵੱਖ-ਵੱਖ ਭਾਈਚਾਰਿਆਂ ਵਿਚ ਤਰੇੜਾਂ ਪੈ ਰਹੀਆਂ ਹਨ। ਧਰਮਾਂ ਦੇ ਠੇਕੇਦਾਰ ਰੂਹਾਨੀਅਤ ਦੇ ਮੂਲ ਸਰੋਤ ’ਤੇ ਏਕਾਧਿਕਾਰ ਜਮਾਉਣ ਦੀ ਫ਼ਿਰਾਕ ਵਿਚ ਹਨ। ਵਿਆਕਰਨ-ਵੇਤਾ ਭਰਥਰੀ ਹਰੀ ਅਨੁਸਾਰ ਜਿਹੜਾ ਸ਼ਖ਼ਸ ਸਿਰਫ਼ ਆਪਣੀ ਪਰੰਪਰਾ ਨੂੰ ਹੀ ਜਾਣਦਾ ਹੈ, ਉਹ ਪੂਰੀ ਤਰ੍ਹਾਂ ਆਪਣੇ ਵਿਰਸੇ ਨੂੰ ਵੀ ਨਹੀਂ ਜਾਣ ਸਕਦਾ। ਦਰਅਸਲ, ਸਵੈ ਦਾ ਗਿਆਨ-ਧਿਆਨ ਵੀ ਦੂਜਿਆਂ ਦੇ ਸੰਦਰਭ ’ਚੋਂ ਹੀ ਤਲਾਸ਼ਿਆ ਜਾ ਸਕਦਾ ਹੈ। ਵਿਰੋਧੀ ਵਿਚਾਰਧਾਰਾ ਰੱਖਣ ਵਾਲੀਆਂ ਧਿਰਾਂ ਨੂੰ ਸੰਵਾਦ ਪੁਲ ਵਾਂਗ ਜੋੜਨ ਦਾ ਕਾਰਜ ਕਰਦਾ ਹੈ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਗੋਸ਼ਟ ਨੂੰ ਜ਼ਰੀਆ ਬਣਾ ਕੇ ਹੀ ਜਗਤ-ਗੁਰੂ ਅਖਵਾਏ ਸਨ। ਆਪ ਫਰਮਾਉਂਦੇ ਹਨ ‘‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।’’ ਤਰਕ ਦਾ ਪੱਲਾ ਛੱਡਣ ਨਾਲ ਤਕਰਾਰ ਪੈਦਾ ਹੁੰਦਾ ਹੈ। ਸਿੰਧੀ ਸਮਾਜ ਸਦੀਆਂ ਤੋਂ ਗੁਰੂ ਨਾਨਕ ਦੇਵ ਦਾ ਅਨੁਯਾਈ ਹੈ। ਸਿੱਖੀ ਨਾਲ ਸਿੰਧੀਆਂ ਦਾ ਨਹੁੰ-ਮਾਸ ਵਾਲਾ ਰਿਸ਼ਤਾ ਹੈ। ਨਾਨਕ ਦੇ ਫ਼ਲਸਫ਼ੇ ਅਨੁਸਾਰ ਉਹ ਹੱਥੀਂ ਕਾਰ ਤੇ ਸੱਚਾ ਵਪਾਰ ਕਰਨ ਨੂੰ ਪਹਿਲ ਦਿੰਦੇ ਆਏ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਸਿੰਧੀ ਸਮਾਜ ਦੇ ਮੰਦਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇਕ ਨਿਹੰਗ ਜਥੇਬੰਦੀ ਦੀ ‘ਸਤਿਕਾਰ ਕਮੇਟੀ’ ਤੇ ਸਿੰਧੀ ਸ਼ਰਧਾਲੂਆਂ ਵਿਚਾਲੇ ਪੈਦਾ ਹੋਏ ਤਣਾਅ ਨੇ ਹਰ ਨਾਨਕ ਨਾਮਲੇਵਾ ਦਾ ਹਿਰਦਾ ਵਲੂੰਧਰਿਆ ਹੈ।

ਇਸ ਟਕਰਾਅ ਦਾ ਮੂਲ ਕਾਰਨ ਪੰਜਾਬ ਦੇ ਮਾਝਾ ਖੇਤਰ ’ਚੋਂ ਗਈ ‘ਸਤਿਕਾਰ ਕਮੇਟੀ’ ਦੇ ਕਾਰਕੁਨਾਂ ਵੱਲੋਂ ਸਿੰਧੀ ਸਮਾਜ ਦੇ ਮੰਦਰ ’ਚ ਜਾ ਕੇ ਤੁਰਸ਼-ਮਿਜ਼ਾਜੀ ’ਚ ਮਰਿਆਦਾ ਦਾ ਪਾਠ ਪੜ੍ਹਾਉਣਾ ਸੀ। ਇਕ ਸਿੰਧੀ ਮਹਿਲਾ ਸ਼ਰਧਾਲੂ ਵੱਲੋਂ ਵਰਤੇ ਤਲਖ਼ ਸ਼ਬਦਾਂ ਨੇ ਬਲਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ। ਖ਼ੈਰ, ਮੰਦਰ ਦੇ ਪੁਜਾਰੀ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਮਸਲੇ ਨੂੰ ਠੰਢਾ ਕਰਨ ਲਈ ਸਕਾਰਾਤਮਕ ਭੂਮਿਕਾ ਨਿਭਾਈ। ਸੋਸ਼ਲ ਮੀਡੀਆ ’ਤੇ ਇਸ ਦੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਇਸ ਮੁੱਦੇ ਨੇ ਤੂਲ ਫੜ ਲਿਆ। ‘ਸਤਿਕਾਰ ਕਮੇਟੀ’ ਜੇ ਸ਼ਾਇਸਤਗੀ ਵਰਤ ਕੇ ਸਿੰਧੀ ਸ਼ਰਧਾਲੂਆਂ ਨੂੰ ਮਰਿਆਦਾ ਸਮਝਾਉਂਦੀ ਤਾਂ ਮੁੱਦਾ ਪਿਆਰ-ਸਤਿਕਾਰ ਨਾਲ ਨਜਿੱਠਿਆ ਜਾ ਸਕਦਾ ਸੀ। ਇਸ ਮਸਲੇ ਨੂੰ ਪੁਲਿਸ ਤਕ ਲਿਜਾਣ ਨਾਲ ਇਹ ਸੁਲਝਣ ਦੀ ਬਜਾਏ ਹੋਰ ਉਲਝ ਗਿਆ।

ਆਖ਼ਰ ਕੁਝ ਸਿਆਣੇ ਸਿੱਖਾਂ ਤੇ ਸਿੰਧੀਆਂ ਦੀ ਸਾਂਝੀ ਕਮੇਟੀ ਨੇ ਮਰਿਆਦਾ ਨੂੰ ਸਨਮੁੱਖ ਰੱਖਦਿਆਂ ਇੰਦੌਰ ਦੇ ਕਈ ਮੰਦਰਾਂ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕ ਕੇ ਸਥਾਨਕ ਗੁਰਦੁਆਰਾ ਇਮਲੀ ਸਾਹਿਬ ਪਹੁੰਚਾ ਦਿੱਤੇ। ਉਪਰੋਕਤ ਟਕਰਾਅ ਪਿੱਛੋਂ ਦੋਨਾਂ ਭਾਈਚਾਰਿਆਂ ’ਚ ਆਈ ਖਟਾਸ ਸੱਚਮੁੱਚ ਮੰਦਭਾਗੀ ਹੈ। ਸਿੰਧੀ ਭਾਈਚਾਰਾ ਬਾਬੇ ਨਾਨਕ ਨੂੰ ਇਸ਼ਟ ਮੰਨਦਾ ਹੈ। ਹਰ ਸਰਦੇ-ਪੁੱਜਦੇ ਸਿੰਧੀ ਦੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੁਲਤਾਨਪੁਰ ਲੋਧੀ ਸਥਿਤ ਵੇਈਂ ਨਦੀ ਵਿਚ ਪ੍ਰਵੇਸ਼ ਕਰਨ ਤੋਂ ਦੋ ਕੁ ਸਾਲ ਬਾਅਦ (ਸੰਨ 1499) ਵਿਚ ਗੁਰੂ ਨਾਨਕ ਨੇ ਉਦਾਸੀ ਬਾਣਾ ਧਾਰਨ ਕੀਤਾ ਸੀ। ਬਾਣਾ ਅਤੇ ਬਾਣੀ ਇਕ ਦੂਜੇ ਦੇ ਹਮਸਫ਼ਰ ਸਨ। ਸਤਿਗੁਰੂ ਦੇ ਕ੍ਰਾਂਤੀਕਾਰੀ ਇਲਾਹੀ ਪ੍ਰਵਚਨਾਂ ਨੇ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜਾਚ ਦਾ ਅਨੂਠਾ ਤਸੱਵਰ ਪੇਸ਼ ਕੀਤਾ। ਗੁਰੂ ਜੀ ਨੇ ਉਦਾਸੀਆਂ ਦੌਰਾਨ ਸੰਵਾਦ ਨੂੰ ਹੀ ਗਿਆਨ ਦੇ ਸੰਚਾਰ ਦਾ ਮਾਧਿਅਮ ਬਣਾਇਆ। ਹਰ ਫ਼ਿਰਕੇ ਦੇ ਧਾਮ ਦੇ ਕਿਵਾੜ ਬਾਬੇ ਲਈ ਖ਼ੁਦ-ਬਖ਼ੁਦ ਖੁੱਲ੍ਹ ਜਾਂਦੇ। ਸ਼ਬਦ-ਸੰਚਾਰ ਦੀ ਬਦੌਲਤ ਗੁਰੂ ਨਾਨਕ ਤਮਾਮ ਫ਼ਿਰਕਿਆਂ ਦੇ ਸ਼ਰਧਾਲੂਆਂ ਦਾ ਦਿਲ ਜਿੱਤ ਜਾਂਦੇ।

ਇਕ ਉਦਾਸੀ ਦੌਰਾਨ ਉਹ ਸਿੰਧ ਦਰਿਆ ਨੂੰ ਪਾਰ ਕਰ ਰਹੇ ਸਨ ਤਾਂ ਆਪ ਦੇ ਮੁਖਾਰਬਿੰਦ ’ਚੋਂ ਉਚਰੀ ਬਾਣੀ ਨੇ ਉੱਥੇ ਵਸਦੇ ਲੋਕਾਂ ਨੂੰ ਕੀਲ ਲਿਆ। ਸਿੰਧੀਆਂ ਦੇ ਦਿਲਾਂ ਵਿਚ ਬਾਬਾ ਐਸਾ ਵਸਿਆ ਕਿ ਸਦੀਆਂ ਬੀਤਣ ਦੇ ਬਾਵਜੂਦ ਉਹ ਨਿਕਲਿਆ ਨਹੀਂ। ਸੰਨ 1500 ਤੋਂ 1524 ਈਸਵੀ ਤਕ ਗੁਰੂ ਨਾਨਕ ਸਾਹਿਬ ਨੇ ਭਾਰਤੀ ਉੱਪ ਮਹਾਦੀਪ ਦੀਆਂ ਚਹੁੰ-ਦਿਸ਼ਾਵਾਂ ਵੱਲ ਚਾਰ ਲੰਬੀਆਂ ਉਦਾਸੀਆਂ ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਆਪ ਨੇ ਅਣਗਿਣਤ ਧਾਰਮਿਕ ਅਤੇ ਦਾਰਸ਼ਨਿਕ ਮਸਲਿਆਂ ਬਾਰੇ ਸੰਵਾਦ ਰਚਾਏ। ਪੰਜ ਸਦੀਆਂ ਬੀਤਣ ਉਪਰੰਤ ਵੀ ਸਿੰਧੀ ਸਮਾਜ ਪੀੜ੍ਹੀ-ਦਰ-ਪੀੜ੍ਹੀ ਬਾਬੇ ਨਾਨਕ ਨੂੰ ਆਪਣੇ ਹਿਰਦਿਆਂ ਵਿਚ ਵਸਾਉਂਦਾ ਆ ਰਿਹਾ ਹੈ। ਸਿੰਧ ਘਾਟੀ ਦੀ ਸੱਭਿਅਤਾ ਨੂੰ ਵਿਸ਼ਵ ਸੱਭਿਅਤਾਵਾਂ ਦਾ ਪੰਘੂੜਾ ਹੋਣ ਦਾ ਵੀ ਮਾਣ ਹਾਸਲ ਹੈ।

ਕਿਸੇ ਸਮੇਂ ਪੰਜਾਬ ਨੂੰ ਵੀ ਤਾਂ ਸਪਤ-ਸਿੰਧੂ ਹੀ ਕਿਹਾ ਜਾਂਦਾ ਸੀ। ਸਿੰਧ ਦਰਿਆ ਦੇ ਕਿਨਾਰਿਆਂ ’ਤੇ ਕਈ ਪ੍ਰਾਚੀਨ ਧਾਰਮਿਕ ਗ੍ਰੰਥ ਵੀ ਰਚੇ ਗਏ। ਦੇਸ਼ ਦੀ ਵੰਡ ਤੋਂ ਬਾਅਦ ਘੱਟੋ-ਘੱਟ ਅੱਠ ਲੱਖ ਸਿੰਧੀ ਇਸਲਾਮ ਦੇ ਨਾਮ ’ਤੇ ਹੋਂਦ ਵਿਚ ਆਏ ਪਾਕਿਸਤਾਨ ਨੂੰ ਛੱਡ ਕੇ ਭਾਰਤ ਆ ਗਏ ਸਨ। ਸ਼ਰਨਾਰਥੀ ਬਣ ਕੇ ਆਇਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਸੀ ਛੱਡਿਆ। ਉਹ ਆਪਣੇ ਦੇਵੀ-ਦੇਵਤਿਆਂ, ਠਾਕਰ, ਝੂਲੇ ਲਾਲਨ ਤੋਂ ਇਲਾਵਾ ਬਾਣੀ ਦਾ ਵੀ ਓਟ-ਆਸਰਾ ਲੈਂਦੇ ਆਏ ਹਨ। ਬਿ੍ਰਟਿਸ਼ ਸਰਕਾਰ ਵੇਲੇ ਗੋਰਿਆਂ ਵੱਲੋਂ ਗੁਰਧਾਮਾਂ ਦੀ ਸੇਵਾ-ਸੰਭਾਲ ਮਹੰਤਾਂ ਨੂੰ ਦਿੱਤੀ ਗਈ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਮਹੰਤਾਂ ਨੇ ਮੂਰਤੀਆਂ ਰੱਖੀਆਂ ਹੋਈਆਂ ਸਨ।

ਗੁਰਦੁਆਰਾ ਲਹਿਰ ਤੋਂ ਬਾਅਦ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਧਾਮਾਂ ਦੀ ਸੇਵਾ-ਸੰਭਾਲ ਆਈ ਤਾਂ ਮੂਰਤੀਆਂ ਨੇੜੇ ਦੇ ਮੰਦਰਾਂ ਵਿਚ ਪਹੁੰਚਾ ਦਿੱਤੀਆਂ ਗਈਆਂ ਸਨ। ਸਿੰਧ ਪ੍ਰਾਂਤ ਵਿਚ ‘ਗੁਰੂ ਨਾਨਕ ਦਰਬਾਰ’ ਦੇ ਨਾਮ ’ਤੇ ਮੰਦਰਾਂ ਵਿਚ ਮਰਿਆਦਾ ਤਿਵੇਂ ਹੀ ਚੱਲਦੀ ਰਹੀ। ਵੰਡ ਪਿੱਛੋਂ ਵੀ ਇਸ ਮੁੱਦੇ ਨੂੰ ਸ਼ਾਇਦ ਹੀ ਕਿਸੇ ਨੇ ਛੋਹਿਆ ਹੋਵੇ। ਦੇਰ ਤਕ ਸਿੰਧੀ ਕੀਰਤਨੀ ਜਥੇ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ, ਗੁਰਦੁਆਰਾ ਦੂਖ ਨਿਵਾਰਨ, ਪਟਿਆਲਾ ਤੇ ਹੋਰ ਗੁਰਧਾਮਾਂ ’ਚ ਕਥਾ-ਕੀਰਤਨ ਕਰਦੇ ਰਹੇ। ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖ ਭਾਈ ਮਰਦਾਨਾ ਜੀ ਦੇ ਅਨੁਯਾਈਆਂ ਵੱਲੋਂ ਛੇੜੀਆਂ ਜਾਂਦੀਆਂ ਰਬਾਬੀਆਂ ਦੀਆਂ ਤਰੰਗਾਂ ਵੀ ਸਿੱਖ ਸ਼ਰਧਾਲੂਆਂ ਦੇ ਦਿਲਾਂ ’ਚ ਜਲ-ਤਰੰਗ ਛੇੜਦੀਆਂ ਰਹੀਆਂ ਸਨ। ਹਰਿਮੰਦਰ ਸਾਹਿਬ ਨੇੜੇ ਰਬਾਬੀਆਂ ਦੀ ਗਲੀ ਇਸ ਦਾ ਪ੍ਰਤੱਖ ਪ੍ਰਮਾਣ ਹੈ।

ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ-ਮਰਿਆਦਾ ਅਨੁਸਾਰ ਇਤਿਹਾਸਕ ਗੁਰਧਾਮਾਂ ’ਚ ਸਿੱਖੀ ਸਰੂਪ ਵਾਲੇ ਜਥੇ ਹੀ ਕਥਾ-ਕੀਰਤਨ ਕਰਨ ਦੀ ਇਜਾਜ਼ਤ ਸੀ। ਆਜ਼ਾਦੀ ਤੋਂ ਪਹਿਲਾਂ ਸਿੰਧ ਦਰਿਆ ਕਿਨਾਰੇ ਵਸੇ ਸਿੰਧੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਛੁੱਟੀ ਕਰਨ ਦਾ ਐਲਾਨ ਕੀਤਾ ਸੀ। ਅਜਿਹੀ ਪਿਰਤ ਅਜੇ ਚੜ੍ਹਦੇ ਪੰਜਾਬ ’ਚ ਵੀ ਨਹੀਂ ਪਈ ਸੀ। ਸਿੰਧੀ ਲੋਕ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਨਾ ਸਿਖਾਉਂਦੇ ਆ ਰਹੇ ਹਨ। ਦਾਦਾ ਚੇਲਾ ਰਾਮ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਸੁਖਮਨੀ ਸਾਹਿਬ ਤੇ ਪੰਜ ਬਾਣੀਆਂ ਦੀਆਂ ਲੱਖਾਂ ਸੈਂਚੀਆਂ ਸੰਗਤਾਂ ਨੂੰ ਮੁਫ਼ਤ ਵੰਡੀਆਂ ਹਨ। ਭਾਈ ਲਛਮਣ ਚੇਲਾ ਰਾਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੰਧੀ ਸਣੇ ਕਈ ਵਿਦੇਸ਼ੀ ਭਾਸ਼ਾਵਾਂ ’ਚ ਅਨੁਵਾਦ ਕਰ ਕੇ ਵੰਡਿਆ ਹੈ।

ਕਈ ਸਿੰਧੀ ਤਾਂ ਸੁਖਮਨੀ ਸਾਹਿਬ ਦੇ ਗੁਟਕੇ ਸ਼ਾਦੀ ਦੇ ਕਾਰਡਾਂ ਨਾਲ ਵੰਡਦੇ ਹਨ। ਸਿੰਧੂ ਨਦੀ ’ਤੇ ਵਸੇ ਸਖਰ ਨਗਰ ਦੇ ਟਾਪੂ ਸਾਧੂ ਬੇਲਾ ਵਿਚ ਸਿੰਧੂ ਸਮਾਜ ਵੱਲੋਂ ਉਸਾਰਿਆ ਗੁਰਧਾਮ ਦੇਖਣ ਲਾਇਕ ਹੈ। ਅਣਗਿਣਤ ਨਾਨਕ ਨਾਮ ਲੇਵਾ ਅੱਜ ਵੀ ਬੇੜੀਆਂ ’ਤੇ ਸਵਾਰ ਹੋ ਕੇ ਸਾਧੂ ਬੇਲਾ ਦੇ ਗੁਰੂ ਨਾਨਕ ਦਰਬਾਰ ’ਚ ਹਾਜ਼ਰੀਆਂ ਲਵਾਉਣ ਜਾਂਦੇ ਹਨ। ਸਿੰਧੀ ਭਾਵੇਂ ਜਨੇਊ-ਧਾਰੀ ਹੋਣ ਤਾਂ ਵੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਪਾਵਨ ਗੁਰਬਾਣੀ ਦੇ ਸ਼ਬਦ ਅਵੱਸ਼ ਹੁੰਦੇ ਹਨ। ਅਣਗਿਣਤ ਸਿੰਧੀ ਅੱਜ ਵੀ ਆਸਾ ਦੀ ਵਾਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਤੇ ਕੀਰਤਨ ਸੋਹਿਲੇ ਦਾ ਪਾਠ ਕਰਦੇ ਹਨ।

ਨਿੱਤਨੇਮੀ ਸਿੰਧੀ ਦਰਅਸਲ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀਚੰਦ ਨੂੰ ਵੀ ਮੰਨਦੇ ਹਨ। ਇਸੇ ਲਈ ਕਈਆਂ ਦੇ ਨਾਮ ਦਾ ਤਖ਼ਲਸ ‘ਉਦਾਸੀ’, ‘ਜਗਿਆਸੀ’ ਤੇ ‘ਮਸੰਦ’ ਆਦਿ ਹੈ। ਉਹ ਇਹੋ ਕਹਿੰਦੇ ਹਨ, ‘ਬਾਣੀ ਵੰਡੋ, ਨਾਨਕ ਨੂੰ ਨਾ ਵੰਡੋ।’ ਜਦੋਂ ਇੰਦੌਰ ਦੇ ਮੰਦਰਾਂ ’ਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੁੱਕ ਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਲਿਜਾਈਆਂ ਜਾ ਰਹੀਆਂ ਸਨ ਤਾਂ ਸਿੰਧੀ ਸ਼ਰਧਾਲੂਆਂ ਦੇ ਨੈਣਾਂ ’ਚੋਂ ਹੰਝੂ ਟਪਕ ਰਹੇ ਸਨ। ਮਰਿਆਦਾ ਨਿਸ਼ਚੇ ਹੀ ਵੱਡਾ ਮੁੱਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਜੀਵੰਤ ਗੁਰੂ ਹੈ। ਇਸ ਦੇ ਬਾਵਜੂਦ ਚੰਗਾ ਹੁੰਦਾ ਜੇ ਸਿੰਧੀ ਸਮਾਜ ਨੂੰ ਸੰਵਾਦ ਰਾਹੀਂ ਮਰਿਆਦਾ ਦਾ ਮਹਾਤਮ ਸਮਝਾਇਆ ਹੁੰਦਾ। ਸਦੀਆਂ ਪੁਰਾਣੀ ਵਿਰਸੇ ਦੀ ਸਾਂਝ ਦੇ ਸੂਤਰ ਤਲਾਸ਼ਣੇ ਸਮੇਂ ਦੀ ਲੋੜ ਹੈ।


Comments

Leave a Reply

Your email address will not be published. Required fields are marked *